ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਲਗਾਏ ਜ ਾ ਰਹੇ ਨਸ਼ਾ ਛੁਡਾਊ ਕੈਂਪਾਂ ‘ਚਹੁਣ ਤੱਕ 5700 ਦੇ ਕਰੀਬ ਵਿਅ ਕਤੀਆਂ ਨੇ ਇਲਾਜ ਸ਼ੁਰੂ ਕਰਵਾਇਆ: ਵਰੁਣ ਰੂਜਮ

ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਲਗਾਏ ਜਾ ਰਹੇ ਨਸ਼ਾ ਛੁਡਾਊ ਕੈਂਪਾਂ ‘ਚ ਹੁਣ ਤੱਕ 5700 ਦੇ ਕਰੀਬ ਵਿਅਕਤੀਆਂ ਨੇ ਇਲਾਜ ਸ਼ੁਰੂ ਕਰਵਾਇਆ: ਵਰੁਣ ਰੂਜਮ

*ਪਰਵੀਨ ਕੋਮਲ*

Download Photo DC at Saket Patiala 3 Dt 28-6-14.JPG (1224.4 KB)Download Photo DC at CHC Model Town Patiala Dt 28-6-14.JPG (1173.6 KB)

* ਡਿਪਟੀ ਕਮਿਸ਼ਨਰ ਵੱਲੋਂ ਮਾਡਲ ਟਾਊਨ ਅਤੇ ਤ੍ਰਿਪੜੀ ਦੇ ਸਿਹਤ ਕੇਂਦਰਾਂ ਤੋਂ ਇਲਾਵਾ ਸਾਕੇਤ ਦਾ ਵੀ ਦੌਰਾ

* ਸਿਹਤ ਕੇਂਦਰਾਂ ‘ਚ ਨਸ਼ੇ ਛੁਡਾਉਣ ਦੀਆਂ ਦਵਾਈਆਂ ਉਪਲਬਧ ਰੱਖਣ ਦੇ ਆਦੇਸ਼

ਪਟਿਆਲਾ-ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਅਤੇ ਨਸ਼ਾ ਪੀੜਤਾਂ ਦੇ ਇਲਾਜ ਲਈ ਆਰੰਭੀ ਵੱਡੀ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਦੇ 9 ਸਰਕਾਰੀ ਸਿਹਤ ਕੇਂਦਰਾਂ ਅਤੇ ਸਬ-ਡਵੀਜ਼ਨਾਂ ਦੇ ਤਿੰਨ ਸਰਕਾਰੀ ਹਸਪਤਾਲਾਂ ਵਿੱਚ ਲਗਾਏ ਜਾ ਰਹੇ ਨਸ਼ਾ ਛੁਡਾਊ ਕੈਂਪਾਂ ਵਿੱਚ ਹੁਣ ਤੱਕ ਨਸ਼ਾ ਛੱਡਣ ਦੇ ਚਾਹਵਾਨ ਕਰੀਬ 5700 ਵਿਅਕਤੀ ਮਾਹਿਰ ਡਾਕਟਰਾਂ ਕੋਲੋਂ ਆਪਣਾ ਇਲਾਜ ਸ਼ੁਰੂ ਕਰਵਾ ਚੁੱਕੇ ਹਨ। ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਅੱਜ ਮਾਡਲ ਟਾਊਨ ਅਤੇ ਤ੍ਰਿਪੜੀ ਦੇ ਸਰਕਾਰੀ ਸਿਹਤ ਕੇਂਦਰਾਂ ਅਤੇ ਸਾਕੇਤ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕਰਨ ਸਮੇਂ ਦਿੱਤੀ। ਉਨ੍ਹਾਂ ਦੱਸਿਆ ਕਿ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਵਿੱਚ ਸਰਕਾਰ ਦੀ ਇਸ ਮੁਹਿੰਮ ਪ੍ਰਤੀ ਕਾਫੀ ਉਤਸ਼ਾਹ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਦੇ ਹੋਰ ਵੀ ਚੰਗੇ ਨਤੀਜੇ ਸਾਹਮਣੇ ਆਉਣਗੇ। ਸ਼੍ਰੀ ਰੂਜਮ ਨੇ ਸਿਹਤ ਕੇਂਦਰਾਂ ਦੇ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਿਹਤ ਕੇਂਦਰਾਂ ਵਿੱਚ ਲੋੜੀਂਦੀ ਮਾਤਰਾ ਵਿੱਚ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਉਪਲਬਧ ਰੱਖੀਆਂ ਜਾਣ ਅਤੇ ਜੇ ਦਵਾਈਆਂ ਸਬੰਧੀ ਕੋਈ ਘਾਟ ਪੇਸ਼ ਆਉਂਦੀ ਹੈ ਤਾਂ ਤੁਰੰਤ ਸਿਵਲ ਸਰਜਨ ਨਾਲ ਰਾਬਤਾ ਕਾਇਮ ਕੀਤਾ ਜਾਵੇ ਅਤੇ ਲੋੜ ਪੈਣ ਦੀ ਸਥਿਤੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਤਾਲਮੇਲ ਕੀਤਾ ਜਾਵੇ। ਉਨ੍ਹਾਂ ਇਹ ਹਦਾਇਤ ਵੀ ਕੀਤੀ ਕਿ ਇਲਾਜ ਕਰਵਾਉਣ ਲਈ ਪੁੱਜ ਰਹੇ ਵਿਅਕਤੀਆਂ ਨੂੰ ਨਿਯਮਤ ਦਵਾਈ ਲੈਣ ਲਈ ਪ੍ਰੇਰਿਆ ਜਾਵੇ ਤਾਂ ਜੋ ਉਹ ਭਵਿੱਖ ਵਿੱਚ ਮੁੜ ਨਸ਼ੇ ਵੱਲ ਮੂੰਹ ਨਾ ਕਰਨ।

ਸ਼੍ਰੀ ਰੂਜਮ ਨੇ ਆਪਣੇ ਇਸ ਦੌਰੇ ਦੌਰਾਨ ਇਨ੍ਹਾਂ ਸਿਹਤ ਕੇਂਦਰਾਂ ਵਿੱਚ ਇਲਾਜ ਲਈ ਪੁੱਜੇ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ। ਸਮੈਕ, ਭੁੱਕੀ, ਅਫੀਮ ਤੇ ਸ਼ਰਾਬ ਸਮੇਤ ਹੋਰ ਮਾਰੂ ਨਸ਼ਿਆਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੇ ਕਿਹਾ ਕਿ ਉਹ ਨਸ਼ਿਆਂ ਤੋਂ ਪੱਕੇ ਤੌਰ ‘ਤੇ ਛੁਟਕਾਰਾ ਪਾਉਣ ਲਈ ਖੁਦ ਅਤੇ ਪਰਿਵਾਰਾਂ ਸਮੇਤ ਹਸਪਤਾਲਾਂ ਵਿੱਚ ਜਾ ਰਹੇ ਹਨ ਕਿਉਂਕਿ ਨਸ਼ਿਆਂ ਨੇ ਨਾ ਕੇਵਲ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਭਾਰੀ ਨੁਕਸਾਨ ਪਹੁੰਚਾਇਆ ਹੈ ਬਲਕਿ ਉਹ ਸਮਾਜਕ ਤੌਰ ‘ਤੇ ਵੀ ਸਭ ਨਾਲੋਂ ਟੁੱਟ ਗਏ ਹਨ। ਤ੍ਰਿਪੜੀ ਦੇ ਹਸਪਤਾਲ ਵਿਖੇ ਪੇਂਡੂ ਇਲਾਕਿਆਂ ਵਿੱਚੋਂ ਇਲਾਜ ਕਰਵਾਉਣ ਪੁੱਜੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਪਿਛਲੇ ਕਰੀਬ 21 ਵਰ੍ਹਿਆਂ ਤੋਂ ਭੁੱਕੀ ਖਾਣ ਦਾ ਆਦੀ ਸੀ ਅਤੇ ਇਸ ਨਸ਼ੇ ਦੇ ਲਾਲਚ ਵਿੱਚ ਉਸਨੇ ਪਰਿਵਾਰਕ ਅਤੇ ਆਰਥਿਕ ਤੌਰ ‘ਤੇ ਕਾਫੀ ਨੁਕਸਾਨ ਉਠਾਇਆ ਹੈ ਅਤੇ ਹੁਣ ਉਹ ਪੱਕੇ ਮਨ ਨਾਲ ਜਿਥੇ ਖੁਦ ਨਸ਼ਾ ਛੱਡਣ ਦਾ ਪ੍ਰਣ ਕਰ ਚੁੱਕਾ ਹੈ ਉਥੇ ਹੀ ਮਾੜੀ ਸੰਗਤ ਵਿੱਚ ਪਏ ਆਪਣੇ ਸਾਥੀਆਂ ਨੂੰ ਵੀ ਨਸ਼ਾ ਛੱਡਣ ਲਈ ਪ੍ਰੇਰਦਾ ਰਹਿੰਦਾ ਹੈ।

ਸਾਕੇਤ ਨਸ਼ਾ ਮੁਕਤੀ ਕੇਂਦਰ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਕੇਂਦਰ ਦੀਆਂ ਪ੍ਰਮੁੱਖ ਜ਼ਰੂਰਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਇਸ ਨਸ਼ਾ ਮੁਕਤੀ ਕੇਂਦਰ ਨੂੰ ਅਪਗ੍ਰੇਡ ਕਰਕੇ ਇਸ ਵਿੱਚ ਮੁੜ ਵਸੇਬਾ ਕੇਂਦਰ ਵੀ ਸਥਾਪਤ ਕੀਤਾ ਜਾਵੇਗਾ ਤਾਂ ਜੋ ਇਲਾਜ ਕਰਵਾਉਣ ਤੋਂ ਬਾਅਦ ਵਿਅਕਤੀ ਇਥੋਂ ਹੀ ਕਿੱਤਾਮੁਖੀ ਸਿੱਖਿਆ ਹਾਸਲ ਕਰਕੇ ਭਵਿੱਖ ਵਿੱਚ ਆਪਣੇ ਰੁਜ਼ਗਾਰ ਦੇ ਸਾਧਨ ਵਿਕਸਤ ਕਰਨ ਦੇ ਸਮਰੱਥ ਬਣ ਜਾਣ। ਸ਼੍ਰੀ ਰੂਜਮ ਵੱਲੋਂ ਕੀਤੇ ਦੌਰੇ ਸਮੇਂ ਵਧੀਕ ਡਿਪਟੀ ਕਮਿਸ਼ਨਰ ਸ. ਗੁਰਪਾਲ ਸਿੰਘ ਚਹਿਲ, ਸਿਵਲ ਸਰਜਨ ਡਾ. ਐਚ.ਐਸ. ਬਾਲੀ, ਕੇਂਦਰ ਦੇ ਪ੍ਰੋਜੈਕਟ ਕੋ-ਆਰਡੀਨੇਟਰ ਸ਼੍ਰੀਮਤੀ ਪਰਮਿੰਦਰ ਕੌਰ, ਰੈਡ ਕਰਾਸ ਦੇ ਸੰਯੁਕਤ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ, ਸ਼੍ਰੀ ਕਾਕਾ ਰਾਮ ਵਰਮਾ, ਡਿਪਟੀ ਮੈਡੀਕਲ ਕਮਿਸ਼ਨਰ ਸ਼੍ਰੀ ਐਮ.ਐਸ. ਧਾਲੀਵਾਲ, ਮਾਡਲ ਟਾਊਨ ਸਿਹਤ ਕੇਂਦਰ ਦੇ ਐਸ.ਐਮ.ਓ ਡਾ. ਸੱਜਣ ਸਿੰਘ, ਤ੍ਰਿਪੜੀ ਦੇ ਐਸ.ਐਮ.ਓ ਡਾ. ਮਨਜੀਤ ਸਿੰਘ ਸਮੇਤ ਹੋਰ ਅਧਿਕਾਰੀ ਤੇ ਡਾਕਟਰੀ ਸਟਾਫ਼ ਵੀ ਹਾਜ਼ਰ ਸੀ।

« (Previous Post)

Comments are Closed