ਪੰਜਾਬ ਸਰਕਾਰ ਸਰਕਾਰੀ ਇਲਾਜ਼ ਦੇ ਰੇਟਾਂ ਵਿਚ ਕੀਤ ਾ ਵਾਧਾ ਵਾਪਸ ਲਵੇ- ਡਾ: ਧਰਮਵੀਰ ਗਾਂਧੀ

ਪੰਜਾਬ ਸਰਕਾਰ ਵਲੋਂ ਇਕ ਜੁਲਾਈ ਤੋਂ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਵਿਚ ਇਲਾਜ਼ ਦੇ ਰੇਟਾਂ ਵਿਚ ਬੇਤਹਾਸ਼ਾ ਵਾਧਾ ਕਰਕੇ ਗਰੀਬ ਲੋਕਾਂ ਨੂੰ ਰੱਬ ਦੇ ਆਸਰੇ ਕਰ ਦਿੱਤਾ ਹੈ। ਅਕਾਲੀ ਦਲ-ਬੀਜੇਪੀ ਗਠ ਜੋੜ ਦੀ ਸਰਕਾਰ ਵਲੋਂ ਹਾਲੇ ਪਿਛਲੇ ਸਾਲ ਅਪਰੈਲ 2013 ਵਿਚ ਸਰਕਾਰੀ ਹਸਪਤਾਲਾਂ ਵਿਚ ਇਲਾਜ਼ ਦੇ ਰੇਟ ਵਧਾਏ ਗਏ ਸਨ ਅਤੇ ਹੁਣ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਗਰੀਬ ਲੋਕਾਂ ਲਈ ਬਿਮਾਰੀ ਸਮੇਂ ਹੁਣ ਇਲਾਜ਼ ਕਰਾਉਣਾਂ ਵਸੋਂ ਬਾਹਰ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਹੁਣ ਇਲਾਜ਼ ਲਈ ਪਰਚੀ ਫੀਸ ਤੋਂ ਲੈ ਕੇ ਟੈਸਟਾਂ ਅਤੇ ਦਾਖਲ ਮਰੀਜ਼ਾਂ ਲਈ ਕਮਰਿਆਂ ਅਤੇ ਅਪਰੇਸ਼ਨ ਆਦਿ ਸਾਰੇ ਹੀ ਰੇਟ 50% ਤੋਂ ਲੈ ਕੇ 150% ਤੱਕ ਵਧਾਏ ਗਏ ਹਨ।

ਆਮ ਆਦਮੀ ਪਾਰਟੀ ਦੇ ਮੈਬਰ ਪਾਰਲੀਮੈਟ ਡਾਕਟਰ ਧਰਮਵੀਰ ਗਾਂਧੀ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਇਲਾਜ਼ ਲਈ ਪਰਚੀ ਦੇ ਰੇਟਾਂ ਵਿਚ 50%, ਏਸੀ ਕਮਰੇ ਦਾ ਕਿਰਾਇਆ 150%, ਕੁਲਰ ਵਾਲੇ ਕਮਰੇ ਦਾ ਕਿਰਾਇਆ 50%, ਹੀਟਰ ਵਾਲੇ ਕਮਰੇ 150%, ਪ੍ਰਾਈਵੇਟ ਵਾਰਡ ਦੀ ਦਾਖਲਾ ਫੀਸ 50%, ਅਪਰੇਸ਼ਨ ਦੇ ਰੇਟ 33% ਤੱਕ ਵਧਾਏ ਗਏ ਹਨ। ਸਰਕਾਰ ਵਲੋਂ ਸਾਰੇ ਟੈਸਟਾਂ, ਈਸੀਜੀ, ਅਲਟਰਾ ਸਾਉਂਡ, ਐਕਸਰੇ ਅਤੇ ਹੋਰਨਾਂ ਰੇਟਾਂ ਵਿਚ ਵੀ ਕਈ ਗੁਣਾ ਵਾਧਾ ਕੀਤਾ ਗਿਆ ਹੈ ਜੋ ਅਦਾ ਕਰਨੇ ਗਰੀਬ ਲੋਕਾਂ ਦੇ ਵਸੋਂ ਬਾਹਰ ਦੀ ਗੱਲ ਹੈ।ਸਰਕਾਰ ਵਲੋਂ ਖੂਨ ਜੋ ਲੋਕਾਂ ਵਲੋਂ ਕੀਤੇ ਦਾਨ ਰਾਹੀਂ ਇਕਠਾ ਕੀਤਾ ਜਾਂਦਾ ਹੈ ਦੀ ਬੋਤਲ ਵੀ 200 ਰੂਪੈ ਵਧਾ ਕੇ 500 ਰੂਪੈ ਦੀ ਕਰ ਦਿੱਤੀ ਹੈ ਜੋ ਆਮ ਜਨਤਾ ਨਾਲ ਬਹੁਤ ਵੱਡਾ ਅਨਿਆ ਹੈ।ਡਾਕਟਰ ਗਾਂਧੀ ਨੇ ਸਰਕਾਰੀ ਇਲਾਜ਼ ਦੇ ਰੇਟ ਵਧਾਉਣ ਤੇ ਸ਼੍ਰੋਮਣੀ ਅਕਾਲੀ ਦੱਲ ਅਤੇ ਬੀਜੇਪੀ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਵਧਾਏ ਗਏ ਰੇਟ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਬੀਜੇਪੀ ਵਲੋਂ ਲੋਕਾਂ ਨੂੰ ਚੰਗੇ ਦਿਨਾਂ ਦੇ ਵਾਅਦੇ ਕੀਤੇ ਸਨ ਪਰੰਤੂ ਉਲਟਾ ਸਰਕਾਰ ਬਨਣ ਤੇ ਮਹਿੰਗਾਈ ਹੋਰ ਵਧੀ ਹੈ।ਜਿਥੇ ਕੇਂਦਰ ਦੀ ਬੀਜੇਪੀ ਸਰਕਾਰ ਵਲੋਂ ਰੇਲ ਵਿਚ ਵਾਧਾ ਕੀਤਾ ਗਿਆ ਹੈ ਉਥੇ ਪੰਜਾਬ ਸਰਕਾਰ ਵਲੋਂ ਵੀ ਬੱਸਾਂ ਦੇ ਕਿਰਾਏ ਵਧਾਏ ਗਏ ਹਨ ਜਿਸ ਨਾਲੇ ਰੋਜ਼ ਮਰਰਾ ਦੀਆਂ ਚੀਜ਼ਾਂ ਵਿਚ ਵੀ ਵਾਧਾ ਹੋ ਰਿਹਾ ਹੈ ਇਸ ਨਾਲ ਗਰੀਬਾਂ ਲਈ ਦੋ ਵਕਤ ਦੀ ਰੋਟੀ ਵੀ ਪੂਰੀ ਕਰਨੀ ਔਖੀ ਹੋਈ ਪਈ ਹੈ।

ਡਾਕਟਰ ਗਾਂਧੀ ਵਲੋਂ ਇਲਾਜ਼ ਦੇ ਰੇਟਾਂ ਵਿਚ ਕੀਤਾ ਵਾਧਾ, ਬੱਸਾਂ ਦੇ ਵਧਾਏ ਕਿਰਾਏ ਵਾਪਸ ਲੈਣ ਦੇ ਨਾਲ ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਵਿਚ ਫਰੀ ਦਵਾਈਆਂ ਮੁਹੱਈਆ ਕਰਾਉਣ ਅਤੇ ਗਰੀਬ ਲੋਕਾਂ ਦੇ ਸਾਰੇ ਟੈਸਟ, ਸਿਟੀ ਸਕੈਨ ਫਰੀ ਕਰਨ ਦੇ ਨਾਲ ਮਹਿੰਗਾਈ ਤੇ ਨੱਥ ਪਾਉਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ।


Comments are Closed