​ਵਿਧਵਾ ਔਰਤ ਨਾਲ ਕਰੋੜਾਂ ਰੁਪਏ ਦੀ ਜਮੀਨ ਦੀ ਠੱਗੀ ਮਾਰਨ ਵਾਲੇ 3 ਵਿਅਕਤੀ ਗ੍ਰਿਫਤਾਰ-ਮਾਨ

​ਵਿਧਵਾ ਔਰਤ ਨਾਲ ਕਰੋੜਾਂ ਰੁਪਏ ਦੀ ਜਮੀਨ ਦੀ ਠੱਗੀ ਮਾਰਨ ਵਾਲੇ 3 ਵਿਅਕਤੀ ਗ੍ਰਿਫਤਾਰ-ਮਾਨ

ਪਟਿਆਲਾ :ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੇਵ ਕੌਰ ਪਤਨੀ ਲੇਟ ਸ੍ਰੀ ਭਜਨ ਸਿੰਘ ਵਾਸੀ ਕੋਟਖੁਰਦ ਥਾਣਾ ਸਦਰ ਨਾਭਾ ਜੋ ਕਿ ਗੰਭੀਰ ਬਿਮਾਰੀ ਨਾਲ ਪੀੜਿਤ ਸੀ, ਜਿਸ ਨੂੰ ਸਰਕਾਰੀ ਤੌਰ ਤੇ ਸਹਾਇਤਾ ਮੁਹੱਈਆ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੀ ਕਰੀਬ 11 ਕਿੱਲੇ ਜਮੀਨ ਖਾਲੀ ਅਸ਼ਟਾਮਾਂ ਤੇ ਅੰਗੂਠਾ ਲਗਵਾ ਕੇ ਜਾਅਲੀ ਇਕਰਾਰਨਾਮਾ ਤਿਆਰ ਕਰਕੇ ਕਰੀਬ 4 ਕਰੋੜ 50 ਲੱਖ ਰੁਪਏ ਦੀ ਕੀਮਤ ਦੀ ਜ਼ਮੀਨ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਉਸ ਦੇ ਭਤੀਜੇ ਜੋਗਾ ਸਿੰਘ ਉਰਫ ਦੀਪ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਕੋਟਖੁਰਦ ਅਤੇ ਉਸ ਦੇ ਸਾਥੀ ਪਵਿੱਤਰ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਪਿੰਡ ਮਾਂਗੇਵਾਲ, ਭੀਮ ਸਿੰਘ ਪੁੱਤਰ ਜੰਗ ਸਿੰਘ ਵਾਸੀ ਚਪੜੋਦਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐਸ. ਐਸ. ਪੀ. ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਦੇਵ ਕੌਰ ਪਤਨੀ ਭਜਨ ਸਿੰਘ ਵਾਸੀ ਕੋਟਖੁਰਦ ਨੇ ਇਕ ਲਿਖਤੀ ਦਰਖਾਸਤ ਰਾਂਹੀ ਦੱਸਿਆ ਕਿ ਉਸ ਦਾ ਸਹੁਰਾ ਕਰਤਾਰ ਸਿੰਘ, ਈਸ਼ਰ ਸਿੰਘ ਅਤੇ ਪੂਰਨ ਸਿੰਘ ਤਿੰਨ ਭਰਾਵਾਂ ਦੀ ਕੁੱਲ 48 ਕਿੱਲੇ ਜਮੀਨ ਰਕਬਾ ਪਿੰਡ ਕੋਟਖੁਰਦ ਵਿਖੇ ਸੀ। ਜਿਨਾਂ ਵਿੱਚੋ ਈਸਰ ਸਿੰਘ ਤੇ ਪੂਰਨ ਸਿੰਘ ਦੀ ਸ਼ਾਦੀ ਨਹੀ ਹੋਈ ਸੀ। ਗੁਰਦੇਵ ਕੌਰ ਦਾ ਪਤੀ ਭਜਨ ਸਿੰਘ ਪੁੱਤਰ ਕਰਤਾਰ ਸਿੰਘ, ਰੂਪ ਸਿੰਘ ਅਤੇ ਸਰੂਪ ਸਿੰਘ ਅਤੇ ਇਕ ਭੈਣ ਹਰਭਜਨ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਪਿੰਡ ਮਤੇਈ ਚਾਰ ਭੈਣ ਭਰਾ ਸਨ। ਕਰਤਾਰ ਸਿੰਘ ਨੇ ਆਪਣੇ ਹਿੱਸੇ ਦੀ ਜ਼ਮੀਨ ਭਜਨ ਸਿੰਘ, ਰੂਪ ਸਿੰਘ ਅਤੇ ਸਰੂਪ ਸਿੰਘ ਦੇ ਨਾਮ ਬਰਾਬਰ ਹਿੱਸਿਆਂ ਵਿੱਚ ਕਰਵਾ ਦਿੱਤੀ ਸੀ ਪੰਰਤੂ ਈਸਰ ਸਿੰਘ ਦੀ ਜਮੀਨ ਇੰਨਾਂ ਤਿੰਨੇ ਭਰਾਵਾਂ ਤੋ ਇਲਾਵਾ ਹਰਭਜਨ ਕੌਰ ਦੇ ਨਾਮ ਬਰਾਬਰ ਹਿੱਸਿਆਂ ਵਿੱਚ ਜਾਂਦੀ ਹੋਣ ਕਰਕੇ ਇੰਨਾਂ ਤਿੰਨੇ ਭਰਾਵਾ ਨੇ ਹਰਭਜਨ ਕੌਰ ਨੂੰ 9 ਲੱਖ ਰੁਪਏ ਦੇ ਕੇ ਆਪਸ ਵਿੱਚ ਵੰਡ ਲਈ ਸੀ। ਸਾਲ 2010 ਵਿੱਚ ਗੁਰਦੇਵ ਕੌਰ ਦੇ ਚਾਚੇ ਸਹੁਰੇ ਪੂਰਨ ਸਿੰਘ ਨੇ ਆਪਣੇ ਹਿੱਸੇ ਦੀ ਜ਼ਮੀਨ ਸਿੱਧੇ ਗੁਰਦੇਵ ਕੌਰ ਦੇ ਨਾਮ ਕਰਵਾ ਦਿੱਤੀ ਸੀ। ਜਿਸ ਬਾਰੇ ਸਰੂਪ ਸਿੰਘ ਨੇ ਸਾਲ 2011 ਵਿੱਚ ਅਦਾਲਤ ਵਿੱਚ ਸਿਵਲ ਕੇਸ ਦਾਇਰ ਕਰ ਦਿੱਤਾ ਸੀ। ਜਿਸ ਦੀ ਪੈਰਵੀ ਉਸ ਦਾ ਲੜਕਾ ਜੋਗਾ ਸਿੰਘ ਉਰਫ ਦੀਪ ਸਿੰਘ ਕਰਦਾ ਸੀ। ਜਿਸ ਨੂੰ ਉਸ ਦੇ ਵਕੀਲ ਪਾਸੋ ਇਹ ਪਤਾ ਲੱਗਾ ਸੀ ਕਿ ਕੇਸ ਉਸ ਦੇ ਹੱਕ ਵਿੱਚ ਨਹੀ ਹੋ ਸਕਦਾ। ਜੋ ਜੋਗਾ ਸਿੰਘ ਉਰਫ ਦੀਪ ਸਿੰਘ ਨੇ ਆਪਣੀ ਭੂਆ ਹਰਭਜਨ ਕੌਰ ਪਤਨੀ ਪ੍ਰੀਤਮ ਸਿੰਘ ਜਿਸ ਦਾ ਲੜਕਾ ਟਹਿਲ ਸਿੰਘ ਜੋ ਕਿ ਮੁਕੱਦਮਾ ਨੰਬਰ 107 ਮਿਤੀ 17.05.2006 ਅ/ਧ 376,506,120-ਬੀ ਹਿੰ:ਦੰ: ਥਾਣਾ ਸਦਰ ਮਲੇਰਕੋਟਲਾ ਵਿੱਚ ਸਜਾਬਾਜ ਹੋ ਕੇ ਨਾਭਾ ਜੇਲ ਵਿੱਚ ਬੰਦ ਹੈ। ਜੋ ਜੇਲ ਵਿੱਚੋ ਛੁੱਟੀ ਤੇ ਆਇਆ ਸੀ। ਜੋ ਜੋਗਾ ਸਿੰਘ ਨੇ ਟਹਿਲ ਸਿੰਘ ਨਾਲ ਸਾਜਬਾਜ ਹੋ ਕੇ ਗੁਰਦੇਵ ਕੌਰ ਦੀ ਜਮੀਨ ਹੜਪ ਕਰਨ ਦੀ ਸਾਜਿਸ਼ ਰਚੀ।

ਐਸ. ਐਸ. ਪੀ. ਨੇ ਦੱਸਿਆ ਕਿ ਇੰਨਾਂ ਨੇ ਦੋ ਵਿਅਕਤੀ ਅਤੇ ਦੋ ਔਰਤਾਂ ਨੂੰ ਫਰਜੀ ਸਰਕਾਰੀ ਡਾਕਟਰ ਅਤੇ ਮੈਡੀਕਲ ਸਟਾਫ ਬਣਾ ਕੇ ਗੁਰਦੇਵ ਕੌਰ ਦੇ ਘਰ ਭੇਜਿਆ ਤੇ ਉਸ ਨੂੰ ਸਰਕਾਰੀ ਸਹਾਇਤਾ ਦੇਣ ਦਾ ਝਾਂਸਾ ਦੇ ਕੇ ਖਾਲੀ ਅਸ਼ਟਾਮਾਂ ਤੇ ਉਸ ਦੇ ਅੰਗੂਠੇ ਲਗਵਾ ਲਏ ਅਤੇ ਲੋਕੂ ਰਾਮ ਅਸ਼ਟਾਮ ਫਰੋਸ਼ ਨੂੰ ਨਾਲ ਲੈ ਕੇ ਗੁਰਦੇਵ ਕੌਰ ਦੇ ਘਰ ਹੀ ਰਜਿਸਟਰ ਵਿੱਚ ਖਾਲੀ ਜਗ੍ਹਾ ਤੇ ਅੰਗੂਠੇ ਲਗਵਾ ਲਏ ਅਤੇ ਬਾਅਦ ਵਿੱਚ ਜੋਗਾ ਸਿੰਘ ਉਰਫ ਦੀਪ ਸਿੰਘ ਨੇ ਆਪਣੇ ਰਿਸਤੇਦਾਰ ਭੀਮ ਸਿੰਘ ਪੁੱਤਰ ਜੰਗ ਸਿੰਘ ਵਾਸੀ ਚਪੜੋਦਾ ਥਾਣਾ ਮਲੇਰਕੋਟਲਾ ਨਾਲ ਮਿਲ ਕੇ ਉਸ ਦੇ ਨਾਮ 11 ਕਿੱਲੇ ਜਮੀਨ ਦਾ 13.50 ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਸਾਲ 2012 ਵਿੱਚ ਜਾਅਲੀ ਇਕਰਾਰਨਾਮਾ ਤਿਆਰ ਕਰ ਲਿਆ ਸੀ। ਜਿਸ ਤੇ ਪਵਿੱਤਰ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਮਾਂਗੇਵਾਲ ਨੇ ਬਤੌਰ ਫਰਜੀ ਗਵਾਹ ਦਸਤਖਤ ਕੀਤੇ ਅਤੇ 75 ਲੱਖ ਰੁਪਏ ਗੁਰਦੇਵ ਕੌਰ ਨੂੰ ਨਗਦ ਅਦਾਇਗੀ ਕਰਨੇ ਸ਼ੋ ਕੀਤੇ ਜਦਕਿ ਗੁਰਦੇਵ ਕੌਰ ਨੂੰ ਕੋਈ ਵੀ ਪੈਸਾ ਨਹੀ ਦਿੱਤਾ ਗਿਆ ਅਤੇ ਰਜਿਸਟਰੀ ਦੀ ਤਰੀਖ ਮਿਤੀ 4 ਅਗਸਤ 2013 ਰੱਖੀ ਸੀ। ਜਦਕਿ ਜਮੀਨ ਦੀ ਕੀਮਤ ਕਰੀਬ 48 ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕਰੀਬ 4 ਕਰੋੜ 50 ਲੱਖ ਰੁਪਏ ਬਣਦੀ ਹੈ। ਮਿਤੀ 4 ਅਗਸਤ 2013 ਨੂੰ ਜੋਗਾ ਸਿੰਘ ਉਰਫ ਦੀਪ ਸਿੰਘ ਨੇ ਭੀਮ ਸਿੰਘ ਤੋ ਉਕਤ ਇਕਰਾਰਨਾਮਾ ਸੌਦਾ ਬੈਅ ਦੇ ਅਧਾਰ ਤੇ ਤਹਸੀਲ ਨਾਭਾ ਵਿੱਚ ਹਾਜਰੀ ਲਗਵਾਈ ਅਤੇ ਸਿਵਲ ਸੂਟ ਦਾਇਰ ਕਰਕੇ ਸਟੇਅ ਦੀ ਮੰਗ ਕੀਤੀ। ਜਿਸ ‘ਤੇ ਮਿਤੀ 5 ਅਗਸਤ 2014 ਨੂੰ ਅਦਾਲਤ ਸ੍ਰੀ ਨੀਰਜ ਗੋਇਲ ਸਿਵਲ ਜੱਜ ਨਾਭਾ ਵੱਲੋ ਗੁਰਦੇਵ ਕੌਰ ਨੂੰ ਐਲੀਨੇਸ਼ਨ ਤੋ ਰਿਸਟਰੇਂਡ ਕਰ ਦਿੱਤਾ। ਪਰੰਤੁ ਇਸ ਸਬੰਧ ਵਿੱਚ ਗੁਰਦੇਵ ਕੌਰ ਦੇ ਵਾਰਸਾਂ ਨੂੰ ਕੋਈ ਵੀ ਭਿਣਕ ਨਹੀ ਸੀ। ਜੋ ਇੰਨਾਂ ਨੇ ਆਪਸ ਵਿੱਚ ਸਾਜਬਾਜ ਹੋ ਕੇ ਗੁਰਦੇਵ ਕੌਰ ਨਾਲ ਕਰੀਬ 11 ਕਿੱਲੇ ਜਮੀਨ ਦੀ ਠੱਗੀ ਮਾਰੀ ਅਤੇ ਉਸ ਨੂੰ ਕੋਈ ਵੀ ਪੈਸਾ ਨਹੀ ਦਿੱਤਾ। ਜਿਸ ਤੇ ਇੰਨਾਂ ਦੇ ਖਿਲਾਫ ਮੁਕੱਦਮਾ ਨੰਬਰ 90 ਮਿਤੀ 2 ਸਤੰਬਰ 2014 ਅ/ਧ 419,420,465,,467,468,471,120-ਬੀ ਹਿੰ:ਦੰ: ਥਾਣਾ ਸਦਰ ਨਾਭਾ ਦਰਜ ਕੀਤਾ ਕਰਕੇ ਤਫਤੀਸ ਸੀ. ਆਈ. ਏ ਸਟਾਫ ਪਟਿਆਲਾ ਵੱਲੋ ਅਮਲ ਵਿੱਚ ਲਿਆਂਦੀ ਗਈ। ਸ਼੍ਰੀ ਮਾਨ ਨੇ ਦੱਸਿਆ ਕਿ ਤਫਤੀਸ ਦੌਰਾਨ ਜੋਗਾ ਸਿੰਘ ਉਰਫ ਦੀਪ ਸਿੰਘ, ਪਵਿੱਤਰ ਸਿੰਘ ਪੁੱਤਰ ਫੁੱਮਣ ਸਿੰਘ, ਭੀਮ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਚਪੜੋਦਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀ ਰਹਿੰਦੇ ਮੁਲਜਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ । ਪ੍ਰੈਸ ਕਾਨਫਰੰਸ ਮੌਕੇ ਐਸ.ਪੀ. (ਡੀ) ਸ਼੍ਰੀ ਜਸਕਰਨ ਸਿੰਘ ਤੇਜਾ ਅਤੇ ਡੀ.ਐਸ. ਪੀ. (ਡੀ) ਸ਼੍ਰੀ ਮਨਜੀਤ ਸਿੰਘ ਬਰਾੜ ਵੀ ਮੌਜ਼ੂਦ ਸਨ।


Comments are Closed